
Kauri Fasal
ਪੰਜਾਬ ਸੰਕਟ ਦੌਰਾਨ 80-90 ਦੇ ਦਹਾਕੇ ਵਿੱਚ ਚੱਲੀ ਆ ਰਹੀ ਹਥਿਆਰਬੰਦ ਲਹਿਰ ਦੇ ਅੰਦਰ ਕੀ-ਕੀ ਹੋ ਰਿਹਾ ਸੀ, ਇਸ ਲਹਿਰ ਨੂੰ ਪਿੱਛੋਂ ਕਿਵੇਂ ਅਤੇ ਕਿਸ ਤਰਾਂ ਕੰਟਰੋਲ ਕੀਤਾ ਜਾ ਰਿਹਾ ਸੀ, ਕੌਣ ਪੰਜਾਬ ਨੂੰ ਬਲਦੀ ਅੱਗ ਚ ਸੁੱਟਣ ਦੀ ਤਿਆਰੀ ਕਰ ਰਿਹਾ ਸੀ ਆਦਿ ਇਸ ਸਾਰੇ ਕੱਚ-ਸੱਚ ਬਾਰੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ। ਇਸ ਲਹਿਰ ਬਾਰੇ ਲਿਖਣ ਵਾਲੇ ਬਹੁਤ ਸਾਰੇ ਲੇਖਕਾਂ ਵਿਚੋਂ ਸਾਬਕਾ ਆਈ.ਬੀ ਉੱਚ ਅਧਿਕਾਰੀ ਮਲੋਏ ਕ੍ਰਿਸ਼ਨਾ ਧਰ ਦਾ ਨਾਮ ਪ੍ਰਮੁੱਖ ਹੈ। ਪੰਜਾਬ ਸੰਕਟ ਸਮੇਂ ਹਥਿਆਰਬੰਦ ਲੀਡਰਾਂ ਅਤੇ ਮੌਜੂਦਾ ਸਰਕਾਰ ਵਿਚਾਲੇ ਸ਼ਾਂਤ ਮਾਹੌਲ ਸਿਰਜਣ ਦੀਆਂ ਕੋਸ਼ਿਸ਼ਾਂ ਲਈ ਸਰਗਰਮ ਭੂਮਿਕਾ ਨਿਭਾਉਂਦਿਆਂ ਪ੍ਰਾਪਤ ਨਿੱਜੀ ਅਨੁਭਵ ਵਿਚੋਂ ਉਹਨਾਂ ਨੇ ਬਹੁਤ ਜਾਣਕਾਰੀ ਭਰਪੂਰ ਪੁਸਤਕ "ਖੁੱਲ੍ਹੇ ਭੇਦ" ਦੀ ਰਚਨਾ ਕੀਤੀ । ਆਪਣੀ ਇਸੇ ਪੁਸਤਕ ਵਿਚ ਦਰਜ ਸੂਚਨਾਵਾਂ ਨੂੰ ਆਧਾਰ ਬਣਾਉਂਦੇ ਹੋਏ ਉਹਨਾਂ 'ਕੌੜੀ ਫ਼ਸਲ' ਨਾਮ ਦਾ ਨਾਵਲ ਲਿਖ ਕੇ ਲਹਿਰ ਦੀਆਂ ਅੰਦਰੂਨੀ ਸਥਿਤੀਆਂ ਦੀ ਅਸਲ ਸੱਚਾਈ ਪੰਜਾਬੀ ਪਾਠਕਾਂ ਸਾਹਮਣੇ ਪੇਸ਼ ਕੀਤੀ ਹੈ।
ਪਰਸਾਸ਼ਨਿਕ ਅਧਿਕਾਰੀਆਂ, ਰਾਜਨੀਤਕ ਨੇਤਾਵਾਂ, ਗਰਮ ਪੰਥੀਆਂ, ਲੁਟੇਰਿਆਂ ਦੀਆਂ ਅੱਗਲਾਉ ਢਾਣੀਆਂ ਦੇ ਚਰਿੱਤਰ ਨੂੰ ਬਿਆਨਦੀ ਇਹ ਪੁਸਤਕ ਇੱਕ ਅਜਿਹੇ ਹੀ ਨੌਜਵਾਨ ਦੀ ਹਿਰਦੇ ਵਲੂੰਧਰ ਦੇਣ ਵਾਲੀ ਕਹਾਣੀ ਨੂੰ ਅਧਾਰ ਬਣਾਉਂਦਾ ਹੈ ਜੋ ਫੌਜੀ ਪਿਓ ਦਾ ਸਿਆਣਾ ਪੜਾਕੂ ਮੁੰਡਾ ਸੀ, ਪਰ ਦੋਹਾਂ ਪੁੜਾਂ ਦੀ ਚੱਕੀ ਨੇ ਕਿਵੇਂ ਉਸਨੂੰ ਹਥਿਆਰ ਚੁੱਕਣ ਲਈ ਮਜਬੂਰ ਕਰ ਦਿੱਤਾ। ਨਾਵਲ ਵਿਚ ਦਰਜ ਔਰਤਾਂ ਸਬੰਧੀ ਤਰਾਸਦਿਕ ਬਿਆਨ ਪੜ੍ਹਨ ਤੋਂ ਬਾਅਦ ਕੋਈ ਪਾਠਕ ਭਾਵੁਕ ਹੋਏ ਬਿਨਾਂ ਨਹੀਂ ਰਹਿ ਸਕਦਾ। ਲਹਿਰ ਕਿਸ ਤਰਾਂ ਨਾਲ ਜਥੇਬੰਦਕ ਤੌਰ ਤੇ ਧੜਿਆਂ ਵਿੱਚ ਵੰਡੀ ਹੋਈ ਸੀ ਅਤੇ ਖਾੜਕੂ ਕਿਵੇਂ ਆਪਣੇਂ ਨਿੱਜੀ ਹਿੱਤਾਂ ਦੀ ਪੂਰਤੀ ਲਈ ਲਹਿਰ ਨਾਲ ਜੁੜੇ ਹੋਏ ਸਨ ਇਸ ਸਬੰਧੀ ਵੀ ਕਿਤਾਬ ਵਿੱਚ ਖੁੱਲ ਕੇ ਚਰਚਾ ਕੀਤੀ ਗਈ ਹੈ। ਪੁਸਤਕ ਵਿੱਚ ਪੰਜਾਬ ਪੁਲਿਸ ਦੇ ਅਫ਼ਸਰਾਂ ਵੱਲੋਂ ਆਮ ਲੋਕਾਂ ਤੇ ਕੀਤੇ ਤਸ਼ੱਦਦ ਦੀਆਂ ਘਟਨਾਵਾਂ ਬਹੁਤ ਹੀ ਅਹਿਮ ਅਤੇ ਸੰਵੇਦਨਸ਼ੀਲ ਹਨ ਜਿਸ ਤਸ਼ੱਦਦ ਕਾਰਨ ਅਨੇਕਾਂ ਨੌਜਵਾਨਾਂ ਨੇ ਬਾਗੀ ਹੋ ਕੇ ਹਥਿਆਰ ਚੁੱਕ ਲਏ ਸਨ। ਨਾਵਲ ਵਿੱਚ ਇਸ ਗੱਲ ਦੀ ਵੀ ਜਾਣਕਾਰੀ ਮਿਲਦੀ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਅਤੇ ਜੇਲ੍ਹਾਂ ਵਿੱਚ ਬੈਠੇ ਖਾੜਕੂ ਨੇਤਾ ਇਮਾਨਦਾਰੀ ਨਾਲ ਪੰਜਾਬ ਸੰਕਟ ਸਬੰਧੀ ਮਸਲੇ ਨੂੰ ਹੱਲ ਕਰਨ ਲਈ ਸੁਹਿਰਦ ਤੌਰ ਤੇ ਯਤਨ ਕਰ ਰਹੇ ਸਨ, ਪਰ ਬਿਊਰੋਕਰੇਸੀ ਅਤੇ ਸਿਆਸੀ ਨੇਤਾ ਕਿਵੇਂ ਇਸ ਅਹਿਮ ਗੱਲ-ਬਾਤ ਨੂੰ ਸਾਬੋਤਾਜ ਕਰਨ ਵੱਲ ਕੇਂਦਰਿਤ ਸਨ ਜਿਸ ਦੇ ਨਤੀਜੇ ਵਜੋਂ ਪੰਜਾਬ ਨੂੰ ਇਕ ਡੂੰਘਾ ਜ਼ਖਮ ਝੱਲਣਾ ਪਿਆ। ਇਹਨਾਂ ਸਾਰੀਆਂ ਘਟਨਾਵਾਂ ਦਾ ਨਾਵਲ ਵਿੱਚ ਬਹੁਤ ਵਿਸਥਾਰ ਨਾਲ ਵਰਨਣ ਕੀਤਾ ਗਿਆ ਹੈ।#awaazghar
Praise
